ਕਾਸ਼! - Kash

ਕਾਸ਼!

ਕਲਮ: Neelam Bhagat
ਕਾਸ਼!ਅੱਜ ਇਸ ਮਹਿਫਲ ਵਿੱਚ ਉਹ ਵੀ ਹੁੰਦੇ ।
ਜਿਹੜੇ ਮੇਰੇ ਸੁੱਖਾਂ ਦੀ ਮੁਰਾਦ ਮੰਗਦੇ ਸੀ
ਮੈਨੂੰ ਬਲਾਉਂਦਿਆਂ ਸੰਗਦੇ ਸੀ
ਜਿਨ੍ਹਾਂ ਨਾਲ ਮੇਰੇ ਨਾਮ ਫੱਬਦੇ ਸੀ
ਜਿਹੜੇ ਕਦੇ ਮੇਰਾ ਪਿਆਰ ਸੀ
ਕਦੇ ਮੇਰਾ ਸ਼ਿੰਗਾਰ ਸੀ
ਜਿਨ੍ਹਾਂ ਬਾਝ ਮੈਂ ਕੁਝ ਨਹੀਂ ਸੀ
ਕਾਸ਼!ਅੱਜ ਇਸ ਮਹਿਫਲ ਵਿੱਚ ਉਹ ਵੀ ਹੁੰਦੇ ।
ਜਿਹੜੇ ਸਹੀ ਰਾਹ ਦਿਖਾਉਂਦੇ ਸੀ
ਮੈਨੂੰ ਕੋਲ ਬਲਾਉਂਦੇ ਸੀ
ਜਿਨ੍ਹਾਂ ਨਾਲ ਇੱਕ ਸਾਂਝ ਸੀ
ਜਿਹੜੇ ਸੁੱਖ- ਦੁੱਖ ਸਾਂਝੇ ਕਰਦੇ ਸੀ
ਇੱਕ ਦੂਜੇ ਨਾਲ ਖੜਦੇ ਸੀ
ਹਰ ਗੱਲ ਵਿੱਚ ਹਾਮੀ ਭਰਦੇ ਸੀ
ਕਾਸ਼!ਅੱਜ ਇਸ ਮਹਿਫਲ ਵਿੱਚ ਉਹ ਵੀ ਹੁੰਦੇ ।
ਜੇ ਅੱਜ ਇਸ ਮਹਿਫਲ ਵਿੱਚ ਉਹ ਹੁੰਦੇ
ਤਾਂ ਮੈਂ ਨਾ ਇੱਧਰ-ਉੱਧਰ ਵਹਿੰਦੀ
ਨਾ ਚੁੱਪ ਕੀਤੀ ਰਹਿੰਦੀ
ਨਾ ਬੇਗਾਨੀ ਬਣੀ ਬਹਿੰਦੀ
ਨਾ ਐਵੇਂ ਦਿਲ ਪਰਚਾਉਂਦੀ
ਨਾ ਬੁੱਲੀਆਂ ਵਿੱਚ ਮੁਸਕਾਉਂਦੀ
ਨਾ ਮਨ ਅੰਦਰ ਘਬਰਾਉਂਦੀ
ਇਹ ਵੀ ਤਾਂ ਆਪਣੇ ਜਿਹੇ ਲੱਗਦੇ ਨੇ
ਇਹਨਾਂ ਨਾਲ ਵੀ ਮੇਰੇ ਨਾਮ ਫੱਬਦੇ ਨੇ
ਪਰ ਇਹ ਉਹ ਨਹੀਂ
ਜਿਹੜੇ ਮੇਰੇ ਸੁੱਖਾਂ ਦੀ ਮੁਰਾਦ ਮੰਗਦੇ ਨੇ
ਮੈਨੂੰ ਬਲਾਉਂਦਿਆਂ ਸੰਗਦੇ ਨੇ
ਕਾਸ਼!ਅੱਜ ਇਸ ਮਹਿਫਲ ਵਿੱਚ ਉਹ ਵੀ ਹੁੰਦੇ ।