ਚੁੰਨੀ

ਚੁੰਨੀ

ਕਲਮ: Neelam Bhagat
ਰੰਗ ਸੀ ਮੇਰਾ ਵਾਂਗ ਗੁਲਾਬ
ਤਾਜ਼ਾ-ਤਾਜ਼ਾ ਸੀ ਸ਼ਬਾਬ
ਜਦ ਪਹਿਲੀ ਵਾਰ ਕਿਸੇ ਸਾਂਭੀ ਸੀ
ਇੱਜ਼ਤ ਸਮਝ ਮਾਪਿਆਂ ਦੀ
ਤੂੰ ਲਲਾਰੀ ਅਨੋਖਾ ਆਇਆ
ਰੰਗ ਤੂੰ ਮੇਰਾ ਕੱਢ ਵਿਖਾਇਆ
ਕੋਰੀ ਉੱਤੇ ਦਾਗ਼ ਤੂੰ ਲਾਇਆ
ਮੈਂ ਜਿਉਂਦੀ ਜਾਂ ਮਰਦੀ
ਤੂੰ ਲੀਰੋ-ਲੀਰੀ ਕਰ ਦਿੱਤੀ
ਚੁੰਨੀ ਸੀ ਮੈਂ ਆਪਣੇ ਘਰ ਦੀ
ਸਾਂਭ-ਸਾਂਭ ਮਾਂ ਰੱਖਦੀ ਰਹੀ
ਪਿਉ ਨੇ ਪੱਗ ਦੇ ਨਾਲ ਰੱਖੀ
ਜ਼ਾਲਮ ਹੱਥਾਂ ਤੋਂ ਵੀਰ ਬਚਾਇਆ
ਭੈਣ ਦੁਆਵਾਂ ਮੰਗਦੀ ਰਹੀ
ਸਮਝ ਸਕੇ ਨਾ ਤੇਰੀ ਚਾਲ
ਹੋ ਗਏ ਤੇਰੇ 'ਤੇ ਨਿਹਾਲ
ਲੜ ਤੇਰੇ ਬੰਨੀ ਮੇਰੀ ਕੰਨੀ
ਤੂੰ ਲੀਰੋ-ਲੀਰੀ ਕਰ ਦਿੱਤੀ
ਚੁੰਨੀ ਸੀ ਮੈਂ ਆਪਣੇ ਘਰ ਦੀ
ਫੁੱਲਾਂ ਨਾਲ ਸਿਤਾਰੇ ਜੜੇ
ਕੲੀ ਸਨ ਗੁੱਡੀਆਂ ਪਟੋਲੇ ਬਣੇ
ਪਤਾ ਨਹੀਂ ਸਜਾਉਣ ਲੲੀ ਮੈਨੂੰ
ਰੱਬ ਨੇ ਲਗਾਏ ਕਿੰਨੇ ਵਰੇ
ਤੂੰ ਮਿੰਟ ਨਾ ਲਾਇਆ
ਪੱਲ ਨਾ ਲਾਇਆ
ਸਾਰੀ ਮਿਹਨਤ ਮਿੱਟੀ ਕੀਤੀ
ਤੂੰ ਲੀਰੋ-ਲੀਰੀ ਕਰ ਦਿੱਤੀ
ਚੁੰਨੀ ਸੀ ਮੈਂ ਆਪਣੇ ਘਰ ਦੀ
ਰੱਖ ਮੈਨੂੰ ਰਾਹ ਵਿਚਕਾਰ
ਖਿੱਚਿਆ ਤੂੰ ਤੇਰੇ ਰਿਸ਼ਤੇਦਾਰ
ਪੀੜਾਂ ਨਾਲ ਮੈਂ ਚੀਕ ਉੱਠੀ
ਵੇਖ ਗਮਾਂ ਦਾ ਵੱਡਾ ਲੰਗਾਰ
ਹੁਣ ਭਾਵੇਂ ਛੱਡ ਬੂਹੇ ਖੁੱਲੇ
ਤਾਂ ਵੀ ਝਾਤ ਪਾਉਂਣ ਤੋਂ ਡਰਦੀ
ਤੂੰ ਲੀਰੋ-ਲੀਰੀ ਕਰ ਦਿੱਤੀ
ਚੁੰਨੀ ਸੀ ਮੈਂ ਆਪਣੇ ਘਰ ਦੀ
ਤੇਰਾ ਸਦਾ ਸਾਥ ਨਿਭਾਇਆ
ਹਰ ਰਿਸ਼ਤਾ ਦਿਲੋਂ ਅਪਣਾਇਆ
ਕਟੋਰੇ ਭਰ-ਭਰ ਹੰਝੂ ਪੀਤੇ
ਟੁੱਕ ਗਮਾਂ ਦਾ ਖਾ ਪਚਾਇਆ
ਕਦੇ ਬਾਰਸ਼ਾਂ ਵਿੱਚ ਭਿੱਜ ਗਈ
ਕਦੇ ਧੁੱਪਾਂ ਨੇ ਆ ਸੁਕਾਇਆ
ਛਾਂ ਰਹੀ ਤੇਰੀ ਪ੍ਰੀਤ ਦੀ ਟੋਲਦੀ
ਤੂੰ ਲੀਰੋ-ਲੀਰੀ ਕਰ ਦਿੱਤੀ
ਚੁੰਨੀ ਸੀ ਮੈਂ ਆਪਣੇ ਘਰ ਦੀ
ਧੋ ਕੇ ਮੈਨੂੰ ਨਿਚੋੜ ਵਿਖਾਇਆ
ਸੁੱਕਣੇ ਛਾਂ ਤੋਂ ਦੂਰ ਜਾਹ ਪਾਇਆ
ਕੲੀ ਵਾਰ ਮੈਂ ਆਪਣੇ ‘ਤੇ
ਝੂਠਾ ਪਿਆਰ ਦਾ ਰੰਗ ਚੜਾਇਆ
ਕੰਨੀਆ ਨੂੰ ਥੋੜਾ ਫੈਲਾਇਆ
ਬਦਲੀ ਆਪਣੀ ਥੋੜ੍ਹੀ ਕਾਇਆ
ਲਾਜ ਰੱਖੀ ਹਰ ਦਿੱਤੇ ਵਰ ਦੀ
ਤੂੰ ਲੀਰੋ-ਲੀਰੀ ਕਰ ਦਿੱਤੀ
ਚੁੰਨੀ ਸੀ ਮੈਂ ਆਪਣੇ ਘਰ ਦੀ
ਹੁਣ ਦਾਗ਼ ਮੈਂ ਇਸ 'ਤੇ ਲੱਗਣ ਨਹੀਂ ਦੇਣਾ
ਗਮਾਂ ਦਾ ਲੰਗਾਰ ਹੈ ਸਿਊਂ ਲੈਣਾ
ਸਜਾਵਾਂਗੀ ਫੇਰ ਫੁੱਲਾਂ ਨਾਲ
ਜ਼ਾਲਮ ਹੱਥਾਂ ਤੋਂ ਖੋਹ ਲੈਣਾ
ਸੋਹਣੀ ਇਸ 'ਤੇ ਛਾਂ ਕਰਾਂਗੀ
ਸਾਰੇ ਜ਼ਖਮ ਢੱਕ ਲਵਾਂਗੀ
ਸਾਂਭ ਲਵਾਂਗੀ ਚਾਅ ਦੇ ਨਾਲ
ਸਿਰ ਆਪਣੇ 'ਤੇ ਰੱਖਦੀ-ਰੱਖਦੀ
ਹੁਣ ਲੀਰੋ-ਲੀਰੀ ਹੋਣ ਨਹੀਂ ਦੇਣੀ
ਚੁੰਨੀ ਹਾਂ ਮੈਂ ਆਪਣੇ ਘਰ ਦੀ
ਚੁੰਨੀ ਹਾਂ ਮੈਂ ਆਪਣੇ ਘਰ ਦੀ
ਨੀਲਮ ਭਗਤ